- Money Management
ਕਰਜ਼ੇ ਨੂੰ ਸਮਝਣਾ ਅਤੇ ਉਸਦਾ ਪ੍ਰਬੰਧਨ ਕਰਨਾ
ਕਈ ਦੇਖਭਾਲਕਰਤਾ ਕਰਜ਼ੇ ਦੀ ਮਾਰ ਹੇਠ ਆ ਜਾਂਦੇ ਹਨ ਜਿਵੇਂ ਮੈਡੀਕਲ ਬਿੱਲ ਅਤੇ ਕ੍ਰੈਡਿਟ ਕਾਰਡ ਦੇ ਬਕਾਏ ਤੋਂ ਲੈ ਕੇ ਨਿੱਜੀ ਕਰਜ਼ੇ (ਪਰਸਨਲ ਲੋਨ)। ਦੇਖਭਾਲ ਕਰਨ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕਰਜ਼ੇ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ। ਇਹ ਸਮਝ ਕੇ ਕਿ ਕਰਜ਼ਾ ਕਿਵੇਂ ਕੰਮ ਕਰਦਾ ਹੈ ਅਤੇ ਇਸਨੂੰ ਕਿਵੇਂ ਸੰਭਾਲਣਾ ਹੈ, ਤੁਹਾਨੂੰ ਇੱਕ ਵਧੇਰੇ ਸੁਰੱਖਿਅਤ ਵਿੱਤੀ ਭਵਿੱਖ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।
ਕਰਜ਼ੇ ਦੀਆਂ ਕਿਸਮਾਂ
ਕਰਜ਼ਾ ਕਈ ਤਰ੍ਹਾਂ ਦਾ ਹੋ ਸਕਦਾ ਹੈ। ਕੁਝ ਕਰਜ਼ਿਆਂ ਨੂੰ “ਸੁਰੱਖਿਅਤ” ਮੰਨਿਆ ਜਾਂਦਾ ਹੈ, ਜਿਸਦਾ ਅਰਥ ਹੈ ਕਿ ਉਹ ਕਿਸੇ ਜਾਇਦਾਦ ਜਿਵੇਂ ਕਿ ਤੁਹਾਡੇ ਘਰ ਜਾਂ ਗੱਡੀ ਵਰਗੀ ਕਿਸੇ ਚੀਜ਼ ਨਾਲ ਜੁੜੇ ਹੋਏ ਹੁੰਦੇ ਹਨ। ਬਾਕੀ ਕਰਜ਼ੇ “ਅਸੁਰੱਖਿਅਤ” ਹੁੰਦੇ ਹਨ, ਜਿਵੇਂ ਕ੍ਰੈਡਿਟ ਕਾਰਡ ਜਾਂ ਮੈਡੀਕਲ ਬਿੱਲ, ਜਿਨ੍ਹਾਂ ਲਈ ਕਿਸੇ ਚੀਜ਼ ਨੂੰ ਗਹਿਣੇ ਰੱਖਣ ਦੀ ਲੋੜ ਨਹੀਂ ਪੈਂਦੀ। ਇਨ੍ਹਾਂ ਨੂੰ ਕੋਲੈਟਰਲ ਵੀ ਕਿਹਾ ਜਾਂਦਾ ਹੈ।
ਇਸਦਾ ਕੀ ਮਤਲਬ ਹੈ | ਉਦਾਹਰਣਾਂ: | ਜੋਖਮ / ਪ੍ਰਭਾਵ | |
|---|---|---|---|
ਸੁਰੱਖਿਅਤ ਕਰਜ਼ਾ | ਇਹ ਕਿਸੇ ਕੀਮਤੀ (ਕੋਲੈਟਰਲ) ਚੀਜ਼ 'ਤੇ ਟਿਕਿਆ ਹੁੰਦਾ ਹੈ, ਜੇ ਤੁਸੀਂ ਪੈਸਾ ਨਹੀਂ ਮੋੜਦੇ ਤਾਂ ਕਰਜ਼ਾ ਦੇਣ ਵਾਲਾ ਉਹ ਚੀਜ਼ ਲੈ ਸਕਦਾ ਹੈ। | ਮੌਰਗੇਜ (ਘਰ), ਵਾਹਨ ਕਰਜ਼ਾ (ਕਾਰ), ਸੁਰੱਖਿਅਤ ਕ੍ਰੈਡਿਟ ਕਾਰਡ | ਇਹ ਕਰਜ਼ੇ ਮਿਲਣ ਵਿੱਚ ਅਸਾਨ ਹੁੰਦੇ ਹਨ ਅਤੇ ਅਕਸਰ ਵਿਆਜ ਦਰ ਘੱਟ ਹੁੰਦੀ ਹੈ, ਪਰ ਭੁਗਤਾਨ ਵਿੱਚ ਪਛੜਨ 'ਤੇ ਤੁਸੀਂ ਆਪਣਾ ਘਰ, ਗੱਡੀ ਜਾਂ ਜਮ੍ਹਾਂ ਰਕਮ ਗੁਆ ਸਕਦੇ ਹੋ। |
ਅਸੁਰੱਖਿਅਤ ਕਰਜ਼ਾ | ਕਿਸੇ ਕੋਲੈਟਰਲ ਨਾਲ ਨਹੀਂ ਜੁੜਿਆ ਹੁੰਦਾ। ਕਰਜ਼ਾ ਦੇਣ ਵਾਲਾ ਪੈਸਾ ਮੋੜਨ ਦੇ ਤੁਹਾਡੇ ਵਾਅਦੇ 'ਤੇ ਭਰੋਸਾ ਕਰਦਾ ਹੈ। | ਕ੍ਰੈਡਿਟ ਕਾਰਡ, ਮੈਡੀਕਲ ਬਿੱਲ, ਪਰਸਨਲ ਲੋਨ, ਵਿਦਿਆਰਥੀ ਕਰਜ਼ੇ (ਸਟੂਡੈਂਟ ਲੋਨ) | ਆਮ ਤੌਰ 'ਤੇ ਵਿਆਜ ਜ਼ਿਆਦਾ ਪੈਂਦਾ ਹੈ ਅਤੇ ਮਨਜ਼ੂਰੀ ਕ੍ਰੈਡਿਟ ਸਕੋਰ ਦੇ ਅਧਾਰ 'ਤੇ ਦਿੱਤੀ ਜਾਂਦੀ ਹੈ। ਇਸ ਵਿੱਚ ਖਤਰਾ ਇਹ ਹੁੰਦਾ ਹੈ ਕਿ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੋ ਸਕਦਾ ਹੈ ਜਾਂ ਮਾਮਲਾ ਵਸੂਲੀ ਲਈ ਭੇਜਿਆ ਜਾ ਸਕਦਾ ਹੈ। |
ਕ੍ਰੈਡਿਟ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਕਰਜ਼ੇ ਨਾਲ ਕੀ ਸਬੰਧ ਹੈ, ਇਹ ਜਾਣਨ ਲਈ ਕ੍ਰੈਡਿਟ ਸਕੋਰ ਅਸਾਨ ਭਾਸ਼ਾ ਵਿੱਚ (Credit Scores Made Simple) ਪੜ੍ਹੋ।
ਆਪਣੇ ਕਰਜ਼ੇ ਨੂੰ ਸਮਝਣਾ
ਇਹ ਸਮਝਣਾ ਕਿ ਤੁਹਾਡੇ 'ਤੇ ਕਿੰਨਾ ਕਰਜ਼ਾ ਹੈ, ਤੁਹਾਨੂੰ ਸੋਚ-ਸਮਝ ਕੇ ਫੈਸਲੇ ਲੈਣ ਵਿੱਚ ਮਦਦ ਕਰ ਸਕਦਾ ਹੈ। ਕਰਜ਼ਾ ਮੋੜਨ ਵਿੱਚ ਤੁਹਾਡੀ ਮਦਦ ਲਈ ਇੱਥੇ ਕੁਝ ਤਰੀਕੇ ਦੱਸੇ ਗਏ ਹਨ, ਜਿਨ੍ਹਾਂ 'ਤੇ ਤੁਸੀਂ ਵਿਚਾਰ ਕਰ ਸਕਦੇ ਹੋ:
- ਕਰਜ਼ੇ ਨੂੰ ਇਕੱਠਾ ਕਰਨਾ: ਕਈ ਕਰਜ਼ਿਆਂ ਨੂੰ ਘੱਟ ਵਿਆਜ ਦਰ ਵਾਲੇ ਇੱਕੋ ਕਰਜ਼ੇ ਵਿੱਚ ਮਿਲਾਉਣਾ।
- ਸਨੋਬਾਲ ਤਰੀਕਾ: ਸਭ ਤੋਂ ਛੋਟਾ ਕਰਜ਼ਾ ਪਹਿਲਾਂ ਮੋੜੋ, ਫਿਰ ਅਗਲੇ 'ਤੇ ਜਾਓ।
- ਐਵਲਾਂਚ ਤਰੀਕਾ: ਸਭ ਤੋਂ ਵੱਧ ਵਿਆਜ ਦਰ ਵਾਲਾ ਕਰਜ਼ਾ ਪਹਿਲਾਂ ਮੋੜੋ।
- ਸੈਟਲਮੈਂਟ: ਕਿਸਤਾਂ ਵਿੱਚ ਭੁਗਤਾਨ ਕਰਨ ਜਾਂ ਸੈਟਲਮੈਂਟ ਲਈ ਘੱਟ ਕੀਤੀ ਗਈ ਰਕਮ ਵਿੱਚ ਕਰਜ਼ਾ ਖਤਮ ਕਰਨ ਲਈ ਕਰਜ਼ਾ ਦੇਣ ਵਾਲਿਆਂ ਜਾਂ ਰਿਕਵਰੀ ਏਜੰਸੀਆਂ ਨਾਲ ਗੱਲ ਕਰੋ।
ਆਪਣੇ ਕਰਜ਼ਿਆਂ ਨੂੰ ਤਰਜੀਹ ਦੇਣਾ
ਹਮੇਸ਼ਾ ਉਨ੍ਹਾਂ ਕਰਜ਼ਿਆਂ 'ਤੇ ਪਹਿਲਾਂ ਧਿਆਨ ਦਿਓ ਜੋ ਤੁਹਾਡੇ ਘਰ ਅਤੇ ਕਮਾਈ 'ਤੇ ਅਸਰ ਪਾਉਂਦੇ ਹਨ ਜਿਵੇਂ ਕਿਰਾਇਆ, ਵਾਹਨ ਕਰਜ਼ਾ ਅਤੇ ਬੱਚਿਆਂ ਦੀ ਦੇਖਭਾਲ ਦਾ ਖਰਚ, ਉਸ ਤੋਂ ਬਾਅਦ ਘੱਟ ਤਰਜੀਹ ਵਾਲੇ ਕਰਜ਼ੇ ਜਿਵੇਂ ਮੈਡੀਕਲ ਜਾਂ ਕ੍ਰੈਡਿਟ ਕਾਰਡ ਦਾ ਕਰਜ਼ਾ ਮੋੜੋ। ਸਭ ਤੋਂ ਪਹਿਲਾਂ ਆਪਣੇ ਸਾਰੇ ਕਰਜ਼ਿਆਂ ਦੀ ਲਿਸਟ ਬਣਾਓ, ਜਿਸ ਵਿੱਚ ਉਨ੍ਹਾਂ ਦੀ ਰਕਮ, ਵਿਆਜ ਅਤੇ ਆਖਰੀ ਤਰੀਕਾਂ ਸ਼ਾਮਲ ਹੋਣ। ਇਸ ਨਾਲ ਤੁਹਾਨੂੰ ਤਰਜੀਹਾਂ ਬਣਾਉਣ ਅਤੇ ਕਰਜ਼ਾ ਮੋੜਨ ਦੀ ਇੱਕ ਅਜਿਹੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ ਜੋ ਤੁਹਾਡੇ ਲਈ ਸਹੀ ਹੋਵੇ।
ਇਹ ਜਾਣਨ ਲਈ ਕਿ ਕਿਹੜੇ ਕਰਜ਼ੇ ਪਹਿਲਾਂ ਮੋੜਨੇ ਹਨ, ਇਸ ਗਾਈਡ ਦੀ ਵਰਤੋਂ ਕਰੋ:
ਤਰਜੀਹ ਦਾ ਪੱਧਰ | ਕਰਜ਼ੇ ਦੀ ਕਿਸਮ | ਇਹ ਕਿਉਂ ਜ਼ਰੂਰੀ ਹੈ |
|---|---|---|
ਸਭ ਤੋਂ ਵੱਧ ਤਰਜੀਹ | ਕਿਰਾਇਆ/ਮੌਰਗੇਜ, ਵਾਹਨ ਕਰਜ਼ਾ, ਬਾਲ ਸਹਾਇਤਾ | ਇਹ ਤੁਹਾਡੀਆਂ ਬੁਨਿਆਦੀ ਲੋੜਾਂ 'ਤੇ ਅਸਰ ਪਾਉਂਦਾ ਹੈ, ਜਿਵੇਂ ਘਰ, ਆਵਾਜਾਈ ਅਤੇ ਕਮਾਈ |
ਦਰਮਿਆਨੀ ਤਰਜੀਹ | ਖਪਤਾਂ (ਬਿਜਲੀ, ਪਾਣੀ ਵਗੈਰਾ) ਦੇ ਬਿੱਲ | ਭੁਗਤਾਨ ਨਾ ਕਰਨ 'ਤੇ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ |
ਘੱਟ ਤਰਜੀਹ | ਮੈਡੀਕਲ ਬਿੱਲ, ਕ੍ਰੈਡਿਟ ਕਾਰਡ, ਪਰਸਨਲ ਲੋਨ | ਤਤਕਾਲ ਪ੍ਰਭਾਵ ਘੱਟ ਹੁੰਦਾ ਹੈ, ਅਕਸਰ ਗੱਲਬਾਤ-ਯੋਗ ਹੁੰਦੇ ਹਨ |
ਘੱਟ ਤਰਜੀਹ ਵਾਲੇ ਕਰਜ਼ੇ ਦੇ ਪ੍ਰਬੰਧਨ ਲਈ ਸੁਝਾਅ
ਕਰਜ਼ੇ ਦੀ ਕਿਸਮ | ਇਸਦੇ ਪ੍ਰਬੰਧਨ ਲਈ ਸੁਝਾਅ |
|---|---|
ਕ੍ਰੈਡਿਟ ਕਾਰਡ ਦਾ ਕਰਜ਼ਾ | ਵਿਆਜ ਘਟਾਉਣ ਲਈ ਗੱਲਬਾਤ ਕਰਨ ਵਾਸਤੇ ਆਪਣੀ ਕ੍ਰੈਡਿਟ ਕਾਰਡ ਕੰਪਨੀ ਨੂੰ ਕਾਲ ਕਰੋ, ਖਾਸ ਕਰਕੇ ਜੇ ਤੁਹਾਡੀ ਕੋਈ ਕਿਸ਼ਤ ਛੁੱਟ ਗਈ ਹੈ ਜਾਂ ਤੁਸੀਂ ਘੱਟੋ-ਘੱਟ ਬਿੱਲ ਵੀ ਨਹੀਂ ਭਰ ਸਕਦੇ ਹੋ। |
ਮੈਡੀਕਲ ਕਰਜ਼ਾ | ਵਧੇ ਹੋਏ ਬਿੱਲ ਦਾ ਵਿਰੋਧ ਕਰਨ ਲਈ ਇੱਕ-ਇੱਕ ਚੀਜ਼ ਦਾ ਬਿੱਲ ਮੰਗੋ; ਮੈਡੀਕਲ ਕਰਜ਼ੇ ਨੂੰ ਕ੍ਰੈਡਿਟ ਰਿਪੋਰਟ 'ਤੇ ਦਿਖਾਈ ਦੇਣ ਵਿੱਚ ਇੱਕ ਸਾਲ ਦਾ ਸਮਾਂ ਲੱਗ ਜਾਂਦਾ ਹੈ। ਕੁਝ ਗੈਰ-ਲਾਭਕਾਰੀ ਮੈਡੀਕਲ ਸੰਸਥਾਵਾਂ ਯੋਗ ਆਮਦਨ ਗਰੁੱਪ ਵਿੱਚ ਆਉਂਦੇ ਲੋਕਾਂ ਦੇ ਮੈਡੀਕਲ ਬਿੱਲ ਮਾਫ਼ ਕਰ ਦੇਣਗੀਆਂ। |
ਖਪਤਾਂ (ਬਿਜਲੀ, ਪਾਣੀ ਵਗੈਰਾ) ਦੇ ਬਿੱਲ | ਭੁਗਤਾਨ ਦੀ ਯੋਜਨਾ ਬਣਾਉਣ ਜਾਂ ਪੁਰਾਣੇ ਬਕਾਇਆ ਬਿੱਲਾਂ ਨੂੰ ਮੁਆਫ਼ ਕਰਾਉਣ ਵਾਸਤੇ ਪ੍ਰੋਵਾਈਡਰ ਨਾਲ ਸੰਪਰਕ ਕਰੋ। |
ਸਟੂਡੈਂਟ ਲੋਨ | ਜੇ ਤੁਸੀਂ ਪੈਸੇ ਦੀ ਤੰਗੀ ਦਾ ਸਾਹਮਣਾ ਕਰ ਰਹੇ ਹੋ, ਤਾਂ ਆਮਦਨ ਅਨੁਸਾਰ ਕਰਜ਼ਾ ਮੋੜਨ ਦੀਆਂ ਯੋਜਨਾਵਾਂ ਜਾਂ ਭੁਗਤਾਨ ਨੂੰ ਕੁਝ ਸਮੇਂ ਲਈ ਰੋਕਣ ਦੇ ਵਿਕਲਪਾਂ ਬਾਰੇ ਜਾਣਕਾਰੀ ਲਓ। |
ਜੇ ਇਹ ਪ੍ਰਕਿਰਿਆ ਤੁਹਾਨੂੰ ਬਹੁਤ ਬੋਝਲ ਲੱਗਦੀ ਹੈ, ਤਾਂ ਕਈ ਸੇਵਾਵਾਂ ਹਨ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ। ਰਿਸਰਚ ਸ਼ੁਰੂ ਕਰਨ ਵਿੱਚ ਤੁਹਾਡੀ ਮਦਦ ਲਈ ਇੱਥੇ ਕੁਝ ਭਰੋਸੇਯੋਗ ਸਰੋਤ ਦਿੱਤੇ ਗਏ ਹਨ:
- Credit Karma: ਇੱਕ ਮੁਫਤ ਟੂਲ ਹੈ ਜਿਸ ਨਾਲ ਤੁਸੀਂ ਆਪਣੇ ਸਾਰੇ ਕਰਜ਼ੇ ਇੱਕੋ ਥਾਂ 'ਤੇ ਦੇਖ ਸਕਦੇ ਹੋ। ਇਹ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਕਰਜ਼ਾ ਮੋੜਨ ਨਾਲ ਤੁਹਾਡੇ ਸਕੋਰ 'ਤੇ ਕੀ ਅਸਰ ਪੈ ਸਕਦਾ ਹੈ।
- National Debt Relief: ਇੱਕ ਮੰਨੀ-ਪ੍ਰਮੰਨੀ ਕੰਪਨੀ ਜੋ ਕਰਜ਼ਾ ਦੇਣ ਵਾਲਿਆਂ ਨਾਲ ਗੱਲ ਕਰਕੇ ਤੁਹਾਡਾ ਕੁੱਲ ਕਰਜ਼ਾ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਹ ਦੇਖਭਾਲ ਕਰਨ ਵਿੱਚ ਰੁੱਝੇ ਉਨ੍ਹਾਂ ਲੋਕਾਂ ਲਈ ਵਧੀਆ ਵਿਕਲਪ ਹੋ ਸਕਦਾ ਹੈ ਜਿਨ੍ਹਾਂ ਨੂੰ ਵਾਧੂ ਮਦਦ ਦੀ ਲੋੜ ਹੁੰਦੀ ਹੈ ਜਾਂ ਜਿਨ੍ਹਾਂ ਕੋਲ ਸਮਾਂ ਘੱਟ ਹੁੰਦਾ ਹੈ
ਕਰਜ਼ ਪ੍ਰਬੰਧਨ ਲਈ ਸਪਸ਼ਟ ਸੋਚ, ਰਣਨੀਤੀ ਅਤੇ ਆਪਣੇ ਲਈ ਗੱਲ ਕਰਨ ਦਾ ਹੌਸਲਾ ਚਾਹੀਦਾ ਹੁੰਦਾ ਹੈ। ਆਪਣੇ ਖਾਤਿਆਂ ਬਾਰੇ ਜਾਣ ਕੇ, ਭੁਗਤਾਨ ਦੀਆਂ ਯੋਜਨਾਵਾਂ ਦੀ ਪੜਚੋਲ ਕਰਕੇ ਅਤੇ ਆਪਣੇ ਅਧਿਕਾਰਾਂ ਨੂੰ ਸਮਝ ਕੇ ਤੁਹਾਨੂੰ ਕਦਮ ਚੁੱਕਣ ਵਿੱਚ ਮਦਦ ਮਿਲ ਸਕਦੀ ਹੈ।


