ਮੇਨੋਪੌਜ਼ ਦੇ ਸਫ਼ਰ ਬਾਰੇ ਇੱਕ ਮਾਰਗਦਰਸ਼ਿਕਾ
ਮੇਨੋਪੌਜ਼ ਇੱਕ ਕੁਦਰਤੀ ਪੜਾਅ ਹੈ ਜਿਸਦਾ ਅਨੁਭਵ ਹਰ ਔਰਤ ਕਰਦੀ ਹੈ, ਪਰ ਫਿਰ ਵੀ ਇਸ ਬਾਰੇ ਲੋੜੀਂਦੇ ਰੂਪ ਵਿੱਚ ਗੱਲ ਨਹੀਂ ਕੀਤੀ ਜਾਂਦੀ ਹੈ। ਦੇਖਭਾਲ ਕਰਨ ਵਾਲਿਆਂ ਲਈ, ਮੇਨੋਪੌਜ਼ ਦੇ ਨਾਲ ਜੁੜੀਆਂ ਤਬਦੀਲੀਆਂ ਨਾਲ ਨਜਿੱਠਣਾ ਖਾਸ ਕਰਕੇ ਉਦੋਂ ਚੁਣੌਤੀ ਭਰਿਆ ਹੋ ਸਕਦਾ ਹੈ ਜਦੋਂ ਤੁਹਾਡਾ ਧਿਆਨ ਦੂਜਿਆਂ ਦੀ ਦੇਖਭਾਲ ਕਰਨ 'ਤੇ ਵੀ ਕੇਂਦ੍ਰਿਤ ਹੁੰਦਾ ਹੈ। ਜਿਸ ਕਰਕੇ ਇਹ ਸਮਝਣਾ ਖਾਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਉਮੀਦ ਕੀਤੀ ਜਾਵੇ, ਸਹੀ ਇਲਾਜ ਕਿਵੇਂ ਲੱਭਿਆ ਜਾਵੇ ਅਤੇ ਕਿੱਥੋਂ ਸਹਿਯੋਗ ਪ੍ਰਾਪਤ ਕਰੀਏ।
ਸੰਕੇਤ ਅਤੇ ਲੱਛਣ
ਮੇਨੋਪੌਜ਼ ਉਸ ਸਮੇਂ ਨੂੰ ਦਰਸਾਉਂਦਾ ਹੈ ਜਦੋਂ ਤੁਹਾਨੂੰ 12 ਤੋਂ ਵੱਧ ਮਹੀਨਿਆਂ ਤੋਂ ਮਾਹਵਾਰੀ ਨਾ ਆਈ ਹੋਵੇ, ਜੋ ਕਿ ਆਮ ਤੌਰ 'ਤੇ 45-55 ਸਾਲ ਦੀ ਉਮਰ ਦੇ ਵਿਚਕਾਰ ਹੁੰਦਾ ਹੈ। ਹਾਲਾਂਕਿ, ਪਰਿਵਰਤਨ ਦਾ ਇਹ ਸਮਾਂ, ਜਿਸਨੂੰ ਪੇਰੀਮੇਨੋਪੌਜ਼ ਵਜੋਂ ਜਾਣਿਆ ਜਾਂਦਾ ਹੈ, ਬਹੁਤ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ ਹੈ, ਆਮ ਤੌਰ 'ਤੇ 40ਵਿਆਂ ਦੀ ਉਮਰ ਵਿੱਚ, ਅਤੇ ਇਸ ਦੌਰਾਨ ਹਾਰਮੋਨਾਂ ਵਿੱਚ ਤਬਦੀਲੀਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਮਾਹਵਾਰੀ ਨੇਮ ਨਾਲ ਨਹੀਂ ਆਉਂਦੀ ਅਤੇ ਕਈ ਵੱਖ-ਵੱਖ ਤਰ੍ਹਾਂ ਦੇ ਲੱਛਣ ਹੁੰਦੇ ਹਨ।
ਮੇਨੇਪੌਜ਼ ਅਤੇ ਪੇਰੀਮੇਨੋਪੌਜ਼ ਦੇ ਕੁਝ ਆਮ ਸਰੀਰਕ ਲੱਛਣਾਂ ਵਿੱਚ ਚਿਹਰਾ ਗਰਮੀ ਨਾਲ ਤਪਣਾ (ਹੌਟ ਫਲੈਸ਼), ਰਾਤ ਨੂੰ ਪਸੀਨਾ ਆਉਣਾ, ਯੋਨੀ ਵਿੱਚ ਖੁਸ਼ਕੀ ਜਾਂ ਜਲਣ, ਭਾਰ ਵਧਣਾ, ਨੀਂਦ ਵਿੱਚ ਵਿਘਨ ਅਤੇ ਦਿਮਾਗ ਦੀ ਅਸਪਸ਼ਟਤਾ ਸ਼ਾਮਲ ਹਨ। ਮੇਨੋਪੌਜ਼ ਮਾਨਸਿਕ ਸਿਹਤ 'ਤੇ ਵੀ ਅਸਰ ਪਾਉਂਦਾ ਹੈ, ਬਹੁਤ ਸਾਰੀਆਂ ਔਰਤਾਂ ਚਿੰਤਾ, ਡਿਪ੍ਰੈਸ਼ਨ ਅਤੇ ਮਨੋਦਸ਼ਾ ਵਿੱਚ ਉਤਰਾਅ-ਚੜ੍ਹਾਅ ਦਾ ਅਨੁਭਵ ਕਰਦੀਆਂ ਹਨ।
ਲੱਛਣ ਅਲੱਗ-ਅਲੱਗ ਕਿਉਂ ਹੁੰਦੇ ਹਨ
ਹਰ ਕਿਸੇ ਦਾ ਮੇਨੋਪੌਜ਼ ਦਾ ਸਫ਼ਰ ਵੱਖਰਾ ਹੁੰਦਾ ਹੈ, ਕਈ ਔਰਤਾਂ ਇਸ ਵਿੱਚੋਂ ਘੱਟ ਤੋਂ ਘੱਟ ਬੇਅਰਾਮੀ ਨਾਲ ਲੰਘ ਜਾਂਦੀਆਂ ਹਨ ਜਦਕਿ ਦੂਜੀਆਂ ਔਰਤਾਂ ਨੂੰ ਕਈ ਤਰ੍ਹਾਂ ਦੇ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਜੀਵਨ 'ਤੇ ਅਸਰ ਪਾਉਂਦੇ ਹਨ। ਅਜਿਹੇ ਕਈ ਕਾਰਕ ਹਨ ਜੋ ਲੱਛਣਾਂ ਦੀ ਤੀਬਰਤਾ ਅਤੇ ਮਿਆਦ ਨੂੰ ਪ੍ਰਭਾਵਤ ਕਰ ਸਕਦੇ ਹਨ। ਇਹਨਾਂ ਕਾਰਕਾਂ ਨੂੰ ਸਮਝਣ ਨਾਲ ਤੁਹਾਨੂੰ ਆਪਣੀ ਸਿਹਤ ਅਤੇ ਇਲਾਜ ਦੇ ਵਿਕਲਪਾਂ ਬਾਰੇ ਸੋਚ-ਸਮਝ ਕੇ ਫ਼ੈਸਲੇ ਲੈਣ ਵਿੱਚ ਮਦਦ ਮਿਲ ਸਕਦੀ ਹੈ।
- ਕੌਮੀ ਘੱਟ ਗਿਣਤੀ: ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕੁਝ ਕੌਮੀ ਘੱਟ ਗਿਣਤੀਆਂ ਵਿੱਚ ਮੇਨੋਪੌਜ਼ ਦਾ ਅਨੁਭਵ ਵੱਖਰੀ ਤਰ੍ਹਾਂ ਦਾ ਹੁੰਦਾ ਹੈ।
- ਭਾਰ: ਸਰੀਰ ਦਾ ਭਾਰ ਲੱਛਣਾਂ ਦੀ ਬਾਰੰਬਾਰਤਾ ਅਤੇ ਗੰਭੀਰਤਾ ਨੂੰ ਪ੍ਰਭਾਵਤ ਕਰ ਸਕਦਾ ਹੈ।
- ਤਮਾਕੂਨੋਸ਼ੀ: ਲੰਬੇ ਸਮੇਂ ਤੋਂ ਤਮਾਕੂਨੋਸ਼ੀ ਕਰਨ ਵਾਲੀਆਂ ਔਰਤਾਂ ਵਿੱਚ ਮੇਨੋਪੌਜ਼ ਵਧੇਰੇ ਜਲਦੀ ਹੋ ਸਕਦਾ ਹੈ ਅਤੇ ਉਹਨਾਂ ਨੂੰ ਵਧੇਰੇ ਗੰਭੀਰ ਲੱਛਣ ਹੋ ਸਕਦੇ ਹਨ।
ਇਲਾਜ ਦੇ ਆਮ ਵਿਕਲਪ
ਇਲਾਜ ਦੇ ਬਹੁਤ ਸਾਰੇ ਵਿਕਲਪ ਉਪਲਬਧ ਹਨ ਅਤੇ ਤੁਹਾਡਾ ਪ੍ਰਦਾਤਾ ਉਹਨਾਂ ਨੂੰ ਤੁਹਾਡੀਆਂ ਵਿਅਕਤੀਗਤ ਲੋੜਾਂ ਅਤੇ ਤਰਜੀਹਾਂ ਅਨੁਸਾਰ ਤਿਆਰ ਕਰ ਸਕਦਾ ਹੈ। ਇਲਾਜ ਦੇ ਸਭ ਤੋਂ ਆਮ ਵਿਕਲਪ ਇਹ ਰਹੇ:
- ਰਹਿਣ-ਸਹਿਣ ਵਿੱਚ ਤਬਦੀਲੀਆਂ: ਆਪਣੀ ਖੁਰਾਕ ਵਿੱਚ ਫੇਰ-ਬਦਲ ਕਰਨ, ਕਸਰਤ ਨੂੰ ਵਧਾਉਣ ਜਾਂ ਮਾਈਂਡਫੁਲਨੈੱਸ (ਜਾਗਰੂਕ ਚੇਤੰਨਤਾ) ਦਾ ਅਭਿਆਸ ਕਰਨ ਵਰਗੀਆਂ ਸਧਾਰਨ ਜਿਹੀਆਂ ਤਬਦੀਲੀਆਂ ਨਾਲ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਸਮੇਂ ਦੌਰਾਨ ਥੈਰੇਪੀ ਜਾਂ ਕਿਸੇ ਮਾਨਸਿਕ ਸਿਹਤ ਪੇਸ਼ੇਵਰ ਨਾਲ ਗੱਲ ਕਰਕੇ ਵੀ ਸਹਾਇਤਾ ਮਿਲ ਸਕਦੀ ਹੈ।
- ਹਾਰਮੋਨ ਰਿਪਲੇਸਮੈਂਟ ਥੈਰੇਪੀ (HRT): HRT ਵਿੱਚ ਹਾਰਮੋਨ ਦੇ ਪੱਧਰਾਂ ਨੂੰ ਸੰਤੁਲਤ ਕਰਨ ਅਤੇ ਲੱਛਣਾਂ ਤੋਂ ਰਾਹਤ ਪਾਉਣ ਲਈ ਐਸਟ੍ਰੋਜਨ ਜਾਂ ਰਲੇ-ਮਿਲੇ ਰੂਪ ਵਿੱਚ ਐਸਟ੍ਰੋਜਨ ਅਤੇ ਪ੍ਰੋਜੇਸਟੇਰੋਨ ਲੈਣਾ ਸ਼ਾਮਲ ਹੁੰਦਾ ਹੈ। ਆਪਣੇ ਡਾਕਟਰ ਨਾਲ ਸਲਾਹ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਹੋ ਸਕਦਾ ਹੈ ਕਿ ਕੁਝ ਔਰਤਾਂ, ਖਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਛਾਤੀ ਦਾ ਕੈਂਸਰ ਰਿਹਾ ਹੋਵੇ, ਹਾਰਮੋਨ ਥੈਰੇਪੀ ਲਈ ਉਮੀਦਵਾਰ ਨਾ ਹੋਣ।
- ਹਾਰਮੋਨ-ਰਹਿਤ ਇਲਾਜ: ਜੋ ਔਰਤਾਂ ਹਾਰਮੋਨ ਨਹੀਂ ਲੈ ਸਕਦੀਆਂ ਜਾਂ ਨਾ ਲੈਣ ਨੂੰ ਤਰਜੀਹ ਦਿੰਦੀਆਂ ਹਨ, ਉਹਨਾਂ ਲਈ ਹਾਰਮੋਨ-ਰਹਿਤ ਪ੍ਰਿਸਕ੍ਰਿਪਸ਼ਨ (ਡਾਕਟਰ ਵੱਲੋਂ ਦੱਸੀਆਂ) ਦਵਾਈਆਂ ਅਤੇ ਸਪਲੀਮੈਂਟ ਉਪਲਬਧ ਹਨ ਜੋ ਗਰਮੀ ਨਾਲ ਚਿਹਰਾ ਤਪਣ ਅਤੇ ਮਨੋਦਸ਼ਾ ਵਿੱਚ ਤਬਦੀਲੀਆਂ ਵਰਗੇ ਲੱਛਣਾਂ ਨਾਲ ਨਿਪਟਣ ਵਿੱਚ ਮਦਦ ਕਰ ਸਕਦੇ ਹਨ।

ਜਿਹੜੇ ਦੇਖਭਾਲਕਰਤਾ ਹਮੇਸ਼ਾ ਦੂਜਿਆਂ ਨੂੰ ਪਹਿਲ ਦਿੰਦੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ: ਮੇਨੋਪੌਜ਼ ਦੇ ਦੌਰਾਨ ਆਪਣੀ ਸਿਹਤ ਨੂੰ ਤਰਜੀਹ ਦੇਣਾ ਕੋਈ ਠਾਠ ਵਾਲੀ ਗੱਲ ਨਹੀਂ—ਬਲਕਿ ਇਹ ਬਹੁਤ ਹੀ ਜ਼ਰੂਰੀ ਹੈ।
ਆਪਣੇ ਲੱਛਣਾਂ ਨੂੰ ਨਿਯੰਤ੍ਰਿਤ ਕਰਕੇ ਅਤੇ ਤੁਹਾਨੂੰ ਲੋੜੀਂਦੀ ਦੇਖਭਾਲ ਪ੍ਰਾਪਤ ਕਰਕੇ, ਤੁਸੀਂ ਆਪਣਾ ਖੁਦ ਦਾ ਧਿਆਨ ਰੱਖਣ ਦੇ ਨਾਲ-ਨਾਲ ਦੂਜਿਆਂ ਦੀ ਦੇਖਭਾਲ ਕਰਨੀ ਜਾਰੀ ਰੱਖ ਸਕਦੇ ਹੋ।
ਸ੍ਰੋਤ ਅਤੇ ਸਹਿਯੋਗ
ਮੇਨੋਪੌਜ਼ ਕਰਕੇ ਤੁਸੀਂ ਭਾਵਨਾਵਾਂ ਨਾਲ ਹਾਵੀ ਹੋਏ ਮਹਿਸੂਸ ਕਰ ਸਕਦੇ ਹੋ, ਪਰ ਤੁਹਾਨੂੰ ਇਸ ਵਿੱਚੋਂ ਇਕੱਲੇ ਗੁਜ਼ਰਨ ਦੀ ਲੋੜ ਨਹੀਂ ਹੈ। ਭਾਵੇਂ ਆਪਣੇ ਡਾਕਟਰ ਨਾਲ ਇਲਾਜ ਦੇ ਵਿਕਲਪਾਂ ਬਾਰੇ ਗੱਲ ਕਰਨਾ ਹੋਵੇ ਜਾਂ ਅਜਿਹੀਆਂ ਹੀ ਤਬਦੀਲੀਆਂ ਦਾ ਅਨੁਭਵ ਕਰ ਰਹੀਆਂ ਹੋਰਨਾਂ ਔਰਤਾਂ ਨਾਲ ਜੁੜਨ ਦੀ ਗੱਲ ਹੋਵੇ, ਸਹਿਯੋਗ ਉਪਲਬਧ ਹੈ।
ਜੇ ਤੁਹਾਡੇ ਕੋਲ SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਹੈ, ਤਾਂ ਤੁਹਾਡੇ ਕੋਲ Progyny Menopause and Midlife Care (ਮੇਨੋਪੌਜ ਅਤੇ ਅਧਖੜ ਉਮਰ ਦੀ ਦੇਖਭਾਲ) ਤੱਕ ਪਹੁੰਚ ਹੁੰਦੀ ਹੈ। ਤੁਸੀਂ ਵਰਚੁਅਲ ਕੇਅਰ ਪ੍ਰਾਪਤ ਕਰ ਸਕਦੇ ਹੋ ਜਿਸ ਵਿੱਚ ਪੋਸ਼ਣ, ਨੀਂਦ, ਮਾਨਸਿਕ ਸਿਹਤ, ਦਵਾਈਆਂ ਅਤੇ ਹੋਰ ਬਹੁਤ ਕੁਝ ਲਈ ਸਹਿਯੋਗ ਸ਼ਾਮਲ ਹੈ। ਆਪਣੇ ਬੈਨਿਫ਼ਿਟ ਨੂੰ ਐਕਟਿਵੇਟ ਕਰਨ ਅਤੇ ਹੋਰ ਜਾਣਕਾਰੀ ਲਈ 1-833-233-0517 'ਤੇ ਕਾਲ ਕਰੋ।
ਜੇ ਤੁਸੀਂ ਲੱਛਣਾਂ ਦਾ ਅਨੁਭਵ ਕਰ ਰਹੇ ਹੋ, ਤਾਂ ਆਪਣੇ ਹੈਲਥਕੇਅਰ ਪ੍ਰਦਾਤਾ ਨਾਲ ਸੰਪਰਕ ਕਰੋ। ਉਹ ਤੁਹਾਡੇ ਨਾਲ ਅਜਿਹੇ ਇਲਾਜ ਵਿਕਲਪਾਂ ਬਾਰੇ ਗੱਲਬਾਤ ਕਰ ਸਕਦੇ ਹਨ ਜਿਨ੍ਹਾਂ ਨੂੰ ਤੁਹਾਡੀਆਂ ਵਿਅਕਤੀਗਤ ਲੋੜਾਂ ਅਤੇ ਤਰਜੀਹਾਂ ਦੇ ਅਨੁਸਾਰ ਬਣਾਇਆ ਜਾ ਸਕਦਾ ਹੈ।
ਮਾਹਰ ਸਰੋਤਾਂ ਤੋਂ ਹੋਰ ਜਾਣੋ, ਜਿਵੇਂ ਕਿ ਵਿਸ਼ੇਸ਼ ਮੇਨੋਪੌਜ਼ ਅਤੇ ਮਿਡਲਾਈਫ਼ ਕੇਅਰ ਪ੍ਰਦਾਤਾ ਨੈੱਟਵਰਕ Midi ਅਤੇ Gennev। Progyny ਇਸ ਪੌਡਕਾਸਟ ਐਪਿਸੋਡ, ਵਾਂਗ ਮੇਨੋਪੌਜ਼ ਸਿੱਖਿਆ ਵੀ ਪ੍ਰਦਾਨ ਕਰਦਾ ਹੈ, ਜਿੱਥੇ ਉਹ ਮੇਨੋਪੌਜ਼ ਦੇ ਲੱਛਣਾਂ, ਇਲਾਜਾਂ ਅਤੇ ਹੋਰ ਕਈ ਚੀਜ਼ਾਂ ਬਾਰੇ ਵਿਸ਼ਲੇਸ਼ਣ ਕਰਦੇ ਹਨ।


